ਇਲਾਜ

ਸਾਧਾਰਨ ਦਵਾਈਆਂ ਜਿਵੇਂ ਕਿ ਐਂਟੀਬਾਇਟਕਸ (ਰੋਗਾਣੂਸ਼ਕ ਦਵਾਈਆਂ) ਵਾਇਰਸ ਨੂੰ ਨਹੀਂ ਮਾਰਦੀਆਂ ਪਰ ਕਈ ਵਾਰੀ ਵਿਸੇਸ਼ ਦਵਾਈਆਂ ਨਾਲ ਮਿਲ ਕੇ ਉਹ ਕਾਰਗਰ ਹੁੰਦੀਆਂ ਹਨ।

ਹੈਪਾਟਾਇਟਿਸ ਸੀ ਦਾ ਇਲਾਜ ਅਤੇ ਵਾਇਰਸ ਨੂੰ ਸਰੀਰ ਵਿੱਚੋਂ ਖ਼ਤਮ ਕੀਤਾ ਜਾ ਸਕਦਾ ਹੈ। ਇਲਾਜ ਨੂੰ ਛੇ ਮਹੀਨੇ ਤੋਂ ਲੈ ਕੇ ਇੱਕ ਸਾਲ ਲੱਗ ਸਕਦਾ ਹੈ ਅਤੇ ਇਸ ਸਮੇਂ ਇਸ ਲਈ ਦੋ ਡਰੱਗਾਂ (ਦਵਾਈਆਂ) ਵਰਤੀਆਂ ਜਾਂਦੀਆਂ ਹਨ:ਪੈਗ- ਇੰਟਰਫਿਰੋਨ (peg-interferon) ਅਤੇ ਰਿਬਾਵਰਿਨ (ribavirin)। ਕਈ ਮੰਦੇ ਅਸਰਾਂ ਕਾਰਨ ਇਲਾਜ ਬਹੁਤ ਕਠਨ ਹੋ ਸਕਦਾ ਹੈ ਪਰ ਇੱਕ ਸਾਲ ਦਾ ਇਲਾਜ ਵਿਅਕਤੀ ਦੇ ਬਾਕੀ ਦੇ ਜੀਵਨ ਦਾ ਮੁੱਲ ਤਾਰ ਦਿੰਦਾ ਹੈ। 

ਇਲਾਜ ਦੀ ਸਫ਼ਲਤਾ ‘ਤੇ ਕਈ ਗੱਲਾਂ ਅਸਰ ਪਾ ਸਕਦੀਆਂ ਜਿੰਨ੍ਹਾਂ ਵਿੱਚ ਇਹ ਸ਼ਾਮਲ ਹਨ: ਕਿਹੜੀ ਕਿਸਮ ਦੀ ਹੈਪਾਟਾਇਟਿਸ ਸੀ ਵਿਅਕਤੀ ਨੂੰ ਲੱਗੀ ਹੋਈ ਹੈ, ਜਿਗਰ ਨੂੰ ਕਿਸ ਹੱਦ ਤੀਕ ਨੁਕਸਾਨ ਹੋ ਚੁੱਕਿਆ ਹੈ, ਵਿਅਕਤੀ ਦੇ ਸਰੀਰ ਵਿੱਚ ਵਾਇਰਸ ਕਿੰਨੀ ਮਾਤਰਾ ਵਿੱਚ ਹੈ, ਉਮਰ, ਸਰੀਰ ਦਾ ਭਾਰ, ਸਭਿਆਚਾਰਕ-ਨਸਲੀ ਪਿਛੋਕੜ, ਵਿਅਕਤੀ ਕਿਸ ਬਾਕਾਇਦਗੀ ਨਾਲ ਦਵਾਈ ਲੈ ਸਕਦਾ ਹੈ, ਸ਼ਰਾਬ ਦੀ ਵਰਤੋਂ ਅਤੇ ਦੋਸਤਾਂ ਅਤੇ ਪਰਿਵਾਰ ਵੱਲੋਂ ਸਹਾਰਾ।

ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਿਹਤ ਸੰਭਾਲ ਵਰਕਰ, ਦੋਸਤਾਂ ਅਤੇ ਪਰਿਵਾਰ ਨਾਲ ਯੋਜਨਾ ਬਣਾਓ।  ਇਲਾਜ ਤੋਂ ਪਹਿਲਾਂ, ਇਲਾਜ ਦੌਰਾਨ ਅਤੇ ਛੇ ਮਹੀਨੇ ਪਿੱਛੋਂ ਤੀਕ ਡਾਕਟਰ ਸਦਾ ਮਰੀਜ਼ ਦਾ ਮੁਲਾਂਕਣ ਕਰਨਗੇ। ਉਹ ਮਰੀਜ਼ ਦੇ ਜਿਗਰ ਦੀ ਸਿਹਤ ਅਤੇ ਉਸ ਦੇ ਸਰੀਰ ਅੰਦਰ ਵਾਇਰਸ ਦੀ ਮਾਤਰਾ ‘ਤੇ ਨਿਗਾਹ ਰੱਖਣਗੇ। ਵਿਅਕਤੀ ਨੂੰ ਇਲਾਜ ਕਾਰਨ ਪੈਣ ਵਾਲੇ ਮੰਦੇ ਅਸਰਾਂ, ਕੀ ਉਸਨੂੰ ਕੰਮ ਤੋਂ ਛੁੱਟੀ ਕਰਨੀ ਪਵੇਗੀ, ਸਿਹਤ ਸੰਬੰਧਤ ਹੋਰ ਸੂਰਤਾਂ ਨਾਲ ਨਜਿੱਠਣਾ ਅਤੇ ਇਲਾਜ ਦੇ ਖ਼ਰਚਿਆਂ ਨੂੰ ਸਾਮ੍ਹਣੇ ਰੱਖਣਾ ਪਵੇਗਾ। ਇਨ੍ਹਾਂ ਹਾਲਤਾਂ ਵਿੱਚ ਦੋਸਤ ਅਤੇ ਪਰਿਵਾਰ ਮਦਦ ਕਰ ਸਕਦੇ ਹਨ ਅਤੇ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਪਹਿਲੂ ਤੋਂ ਸੰਭਾਲ ਕਰਨ ਵਿੱਚ ਮਦਦ ਕਰ ਸਕਦੇ ਹਨ। ਇਲਾਜ ਸ਼ੁਰੂ ਕਰਨ ਦਾ ਫੈਸਲਾ ਵਿਅਕਤੀ ਨੇ ਡਾਕਟਰ ਅਤੇ ਅਜਿਹੇ ਲੋਕਾਂ ਨਾਲ ਮਿਲ ਕੇ ਕਰਨਾ ਹੁੰਦਾ ਹੈ ਜਿੰਨ੍ਹਾਂ ਨੇ ਉਸ ਦੀ ਸਹਾਇਤਾ ਕਰਨੀ ਹੈ।

ਇਹ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿ ਇਲਾਜ ਦੇ ਨਤੀਜੇ ਦੇ ਤੌਰ ਤੇ ਵਾਇਰਸ ਤੋਂ ਛੁਟਕਾਰਾ ਨਹੀਂ ਹੋ ਜਾਂਦਾ ਅਤੇ ਵਿਅਕਤੀ ਨੂੰ ਖ਼ਤਰੇ ਵਾਲੇ ਵਿਹਾਰਾਂ ਦੁਆਰਾ ਮੁੜ ਕੇ ਲਾਗ ਲੱਗ ਸਕਦੀ ਹੈ।